ਮੀਕਾਯਾਹ ਨੇ ਅਹਾਬ ਨੂੰ ਚੇਤਾਵਨੀ ਦਿੱਤੀ

1. ਮੀਕਾਯਾਹ ਦਾ ਅਹਾਬ ਨੂੰ ਚੇਤਾਵਨੀ ਦੇਣਾ ਅਗਲੇ ਦੋ ਸਾਲ ਇਸਰਾਏਲ ਅਤੇ ਅਰਾਮ ਵਿੱਚ ਅਮਨ ਰਿਹਾ।

2. ਉਸਤੋਂ ਬਾਅਦ ਤੀਜੇ ਵਰ੍ਹੇ ਵਿੱਚ ਯਹੂਦਾਹ ਦਾ ਪਾਤਸ਼ਾਹ ਯਹੋਸ਼ਾਫ਼ਾਟ ਇਸਰਾਏਲ ਦੇ ਪਾਤਸ਼ਾਹ ਅਹਾਬ ਨੂੰ ਮਿਲਣ ਲਈ ਆਇਆ।

3. ਇਸੇ ਵਕਤ ਅਹਾਬ ਨੇ ਆਪਣੇ ਅਫ਼ਸਰਾਂ ਨੂੰ ਕਿਹਾ, “ਯਾਦ ਰਹੇ ਕਿ ਰਾਮੋਥ ਜਿਹੜਾ ਕਿ ਗਿਲਆਦ ਵਿੱਚ ਹੈ ਉਸ ਨੂੰ ਅਰਾਮ ਦੇ ਪਾਤਸ਼ਾਹ ਨੇ ਸਾਡੇ ਤੋਂ ਖੋਹਿਆ ਸੀ! ਭਲਾ ਅਸੀਂ ਚੁੱਪ ਕਰਕੇ ਕਿਉਂ ਬੈਠੀਏ? ਕਿਉਂ ਨਾ ਉਸ ਨੂੰ ਅਰਾਮ ਦੇ ਪਾਤਸ਼ਾਹ ਕੋਲੋਂ ਵਾਪਸ ਲਈਏ। ਇਹ ਸਾਡਾ ਹੀ ਨਗਰ ਹੋਣਾ ਚਾਹੀਦਾ ਹੈ।”

4. ਤਾਂ ਅਹਾਬ ਨੇ ਯਹੋਸ਼ਾਫ਼ਾਟ ਨੂੰ ਆਖਿਆ, “ਕੀ ਤੂੰ ਮੇਰੇ ਨਾਲ ਰਾਮੋਥ ਗਿਲਆਦ ਨੂੰ ਲੜਾਈ ਲਈ ਚੱਲੇਂਗਾ?” ਯਹੋਸ਼ਾਫ਼ਾਟ ਨੇ ਆਖਿਆ, “ਹਾਂ! ਮੈਂ ਤੇਰਾ ਸਾਥ ਕਰਾਂਗਾ। ਮੇਰੇ ਸਿਪਾਹੀ ਅਤੇ ਮੇਰੇ ਘੋੜੇ ਤੇਰੀ ਸੈਨਾ ਵਿੱਚ ਰਲਣ ਲਈ ਤਿਆਰ ਹਨ।

5. ਪਰ ਪਹਿਲਾਂ ਸਾਨੂੰ ਯਹੋਵਾਹ ਕੋਲੋਂ ਸਲਾਹ ਲੈ ਲੈਣੀ ਚਾਹੀਦੀ ਹੈ।”

6. ਤਾਂ ਅਹਾਬ ਨੇ ਨਬੀਆਂ ਦੀ ਇੱਕ ਬੈਠਕ ਬੁਲਾਈ। ਉਸ ਵਕਤ ਉੱਥੇ ਕੋਈ 400 ਦੇ ਕਰੀਬ ਨਬੀ ਸਨ। ਅਹਾਬ ਨੇ ਨਬੀਆਂ ਨੂੰ ਪੁੱਛਿਆ, “ਕੀ ਮੈਨੂੰ ਰਾਮੋਥ ਵਿੱਚ ਅਰਾਮ ਦੀ ਸੈਨਾ ਦੇ ਖਿਲਾਫ਼ ਜੰਗ ਕਰਨੀ ਚਾਹੀਦੀ ਹੈ? ਜਾਂ ਮੈਂ ਕਿਸੇ ਹੋਰ ਵੇਲੇ ਲਈ ਉਡੀਕ ਕਰਾਂ?” ਨਬੀਆਂ ਨੇ ਕਿਹਾ, “ਤੈਨੂੰ ਹੁਣੇ ਹੀ ਜਾਕੇ ਯੁੱਧ ਕਰਨਾ ਚਾਹੀਦਾ ਹੈ ਤੇ ਯਹੋਵਾਹ ਤੈਨੂੰ ਜਿੱਤ ਬਖਸ਼ੇਗਾ।”

7. ਪਰ ਯਹੋਸ਼ਾਫ਼ਾਟ ਨੇ ਆਖਿਆ, “ਕੀ ਇਨ੍ਹਾਂ ਨਬੀਆਂ ਤੋਂ ਇਲਾਵਾ ਇੱਥੇ ਯਹੋਵਾਹ ਦਾ ਕੋਈ ਹੋਰ ਨਬੀ ਵੀ ਹੈ? ਜੇਕਰ ਕੋਈ ਹੈ, ਤਾਂ ਸਾਨੂੰ ਉਸ ਨੂੰ ਪੁੱਛਣਾ ਚਾਹੀਦਾ ਹੈ ਕਿ ਪਰਮੇਸ਼ੁਰ ਦਾ ਕੀ ਨਿਰਣਾ ਹੈ।”

8. ਅਹਾਬ ਪਾਤਸ਼ਾਹ ਨੇ ਜਵਾਬ ਦਿੱਤਾ, “ਇੱਕ ਨਬੀ ਹੋਰ ਵੀ ਹੈ ਜੋ ਕਿ ਯਿਮਲਾਹ ਦਾ ਪੁੱਤਰ ਮੀਕਾਯਾਹ ਹੈ। ਪਰ ਮੈਂ ਉਸ ਨਾਲ ਘਿਰਣਾ ਕਰਦਾ ਹਾਂ ਕਿਉਂ ਕਿ ਉਹ ਜਦ ਵੀ ਯਹੋਵਾਹ ਲਈ ਬੋਲਦਾ ਹੈ ਉਹ ਕਦੇ ਮੇਰੇ ਭਲੇ ਦੀ ਨਹੀਂ ਕਹਿੰਦਾ ਉਹ ਹਮੇਸ਼ਾ ਉਹੀ ਗੱਲਾਂ ਆਖਦਾ ਹੈ ਜਿਹੜੀਆਂ ਮੈਨੂੰ ਨਾਪਸੰਦ ਹਨ।” ਯਹੋਸ਼ਾਫ਼ਾਟ ਨੇ ਕਿਹਾ, “ਅਹਾਬ ਪਾਤਸ਼ਾਹ, ਤੈਨੂੰ ਇਉਂ ਨਹੀਂ ਆਖਣਾ ਚਾਹੀਦਾ।”

9. ਤਾਂ ਅਹਾਬ ਪਾਤਸ਼ਾਹ ਨੇ ਆਪਣੇ ਅਫ਼ਸਰਾਂ ਵਿੱਚੋਂ ਇੱਕ ਨੂੰ ਮੀਕਾਯਾਹ ਨੂੰ ਲੱਭਣ ਲਈ ਭੇਜਿਆ।

10. ਉਸ ਵਕਤ ਦੋਨਾਂ ਪਾਤਸ਼ਾਹਾਂ ਨੇ ਆਪਣੇ ਸ਼ਾਹੀ ਵਸਤਰ ਪਹਿਨੇ ਹੋਏ ਸਨ। ਉਹ ਆਪਣੇ ਰਾਜ ਸਿੰਘਾਸਣ ਉੱਤੇ ਬੈਠੇ ਹੋਏ ਸਨ। ਇਹ ਨਿਆਂ ਘਰ ਸਾਮਰਿਯਾ ਦੇ ਫ਼ਾਟਕ ਦੇ ਕੋਲ ਹੀ ਸੀ ਅਤੇ ਸਾਰੇ ਨਬੀ ਉਨ੍ਹਾਂ ਦੇ ਸਾਹਮਣੇ ਖੜ੍ਹੇ ਹੋਕੇ ਉਹ ਅਗੰਮ ਵਾਚ ਰਹੇ ਸਨ।

11. ਨਬੀਆਂ ਵਿੱਚੋਂ ਇੱਕ ਕਨਾਨਾਹ ਦਾ ਪੁੱਤਰ ਸਿਦਕੀਯਾਹ ਸੀ। ਸਿਦਕੀਯਾਹ ਨੇ ਆਪਣੇ ਲਈ ਲੋਹੇ ਦੇ ਸਿੰਗ ਬਣਾਏ ਅਤੇ ਅਹਾਬ ਨੂੰ ਆਖਿਆ, “ਯਹੋਵਾਹ ਫੁਰਮਾਉਂਦਾ ਹੈ, ‘ਅਰਾਮ ਦੀ ਸੈਨਾ ਨੂੰ ਇਨ੍ਹਾਂ ਨਾਲ ਉਦੋਂ ਤੱਕ ਮਾਰਦਾ ਰਹੀਁ ਜਦੋਂ ਤੱਕ ਉਹ ਸਾਰੇ ਮਰ ਨਹੀਂ ਜਾਂਦੇ। ਤੁਸੀਂ ਉਨ੍ਹਾਂ ਨੂੰ ਹਰਾ ਦੇਵੋਂਗੇ ਅਤੇ ਤਬਾਹ ਕਰ ਦੇਵੋਂਗੇ।’”

12. ਬਾਕੀ ਸਾਰੇ ਨਬੀਆਂ ਨੇ ਇੱਕੋ ਜਿਹੀ ਭਵਿੱਖਬਾਣੀ ਕੀਤੀ ਸੀ। ਨਬੀ ਨੇ ਕਿਹਾ, “ਤੁਹਾਡੀ ਸੈਨਾ ਨੂੰ ਹੁਣੇ ਹੀ ਚੜ੍ਹਾਈ ਕਰਨੀ ਚਾਹੀਦੀ ਹੈ। ਤੁਹਾਨੂੰ ਅਰਾਮ ਦੀ ਸੈਨਾ ਦੇ ਖਿਲਾਫ਼ ਰਾਮੋਥ ਵਿੱਚ ਯੁੱਧ ਕਰਨਾ ਚਾਹੀਦਾ ਹੈ। ਅਤੇ ਤੁਸੀਂ ਇਹ ਜੰਗ ਜਿਤੋਂਗੇ ਯਹੋਵਾਹ ਤੈਹਾਨੂੰ ਜਿੱਤ ਕਰ ਦੇਵੇਗਾ।”

13. ਜਦੋਂ ਇਹ ਸਭ ਕੁਝ ਵਾਪਰ ਰਿਹਾ ਸੀ, ਅਫ਼ਸਰ ਮੀਕਾਯਾਹ ਨੂੰ ਲੱਭਣ ਲਈ ਗਿਆ ਅਤੇ ਉਸ ਨੇ ਉਸ ਨਬੀ ਨੂੰ ਲੱਭ ਕੇ ਆਖਿਆ, “ਬਾਕੀ ਸਾਰੇ ਨਬੀਆਂ ਦਾ ਕਹਿਣਾ ਹੈ ਕਿ ਪਾਤਸ਼ਾਹ ਦੀ ਜਿੱਤ ਹੋਵੇਗੀ ਇਸ ਲਈ ਤੇਰੀ ਗੱਲ ਵੀ ਉਨ੍ਹਾਂ ਦੀ ਗੱਲ ਦੀ ਸਾਖੀ ਹੀ ਭਰੇ, ਇਸ ਵਿੱਚ ਹੀ ਭਲਾ ਹੈ।”

14. ਪਰ ਮੀਕਾਯਾਹ ਨੇ ਆਖਿਆ, “ਜਿਉਂਦੇ ਯਹੋਵਾਹ ਦੀ ਸੌਂਹ, ਜੋ ਕੁਝ ਯਹੋਵਾਹ ਮੈਨੂੰ ਫ਼ੁਰਮਾਏਗਾ, ਉਹੋ ਹੀ ਬੋਲਾਂਗਾ।”

15. ਤਦ ਉਹ ਪਾਤਸ਼ਾਹ ਕੋਲ ਆਇਆ ਤਾਂ ਪਾਤਸ਼ਾਹ ਨੇ ਉਸ ਨੂੰ ਆਖਿਆ, “ਹੇ ਮੀਕਾਯਾਹ ਕੀ ਮੈਂ ਅਤੇ ਯਹੋਸ਼ਾਫ਼ਾਟ ਰਾਮੋਥ ਗਿਲਆਦ ਉੱਪਰ ਚੜ੍ਹਾਈ ਕਰਨ ਜਾਈਏ ਜਾਂ ਰੁਕੇ ਰਹੀਏ?” ਮੀਕਾਯਾਹ ਬੋਲਿਆ, “ਹਾਂ, ਤੁਸੀਂ ਜਾਓ ਅਤੇ ਜਿੱਤ ਪ੍ਰਾਪਤ ਕਰੋ ਕਿਉਂ ਕਿ ਯਹੋਵਾਹ ਉਸ ਨੂੰ ਪਾਤਸ਼ਾਹ ਦੇ ਹੱਥ ਵਿੱਚ ਦੇ ਦੇਵੇਗਾ।”

16. ਪਰ ਅਹਾਬ ਨੇ ਆਖਿਆ, “ਇਹ ਬਚਨ ਤੂੰ ਯਹੋਵਾਹ ਦੀ ਸ਼ਕਤੀ ਨਾਲ ਨਹੀਂ ਬੋਲ ਰਿਹਾ ਜਾਂ ਇਹ ਤੂੰ ਆਪਣੀ ਮਨਬਚਨੀ ਆਖ ਰਿਹਾ ਹੈਂ। ਇਸ ਲਈ ਮੈਨੂੰ ਸੱਚ ਦੱਸ। ਮੈਂ ਤੈਨੂੰ ਕਿੰਨੀ ਵਾਰ ਸਮਝਾਵਾਂ ਕਿ ਤੂੰ ਮੈਨੂੰ ਸਿਰਫ਼ ਯਹੋਵਾਹ ਦੇ ਅਗੰਮ ਵਾਕ ਸੁਣਾ ਕਿ ਉਹ ਕੀ ਆਖਦਾ ਹੈ?”

17. ਤਾਂ ਮੀਕਾਯਾਹ ਨੇ ਆਖਿਆ, “ਮੈਂ ਵੇਖ ਸੱਕਦਾਂ ਕਿ ਕੀ ਵਾਪਰੇਗਾ। ਮੈਂ ਸਾਰੇ ਇਸਰਾਏਲ ਨੂੰ ਪਹਾੜੀਆਂ ਤੇ ਬਿਨਾ ਆਜੜੀ ਦੀਆਂ ਭੇਡਾਂ ਵਾਂਗ ਖਿੰਡਿਆ ਹੋਇਆ ਵੇਖਿਆ ਹੈ। ਯਹੋਵਾਹ ਇਹੀ ਫੁਰਮਾਉਂਦਾ ਹੈ, ਜਿਨ੍ਹਾਂ ਲੋਕਾਂ ਦਾ ਕੋਈ ਆਗੂ ਨਹੀਂ ਉਨ੍ਹਾਂ ਨੂੰ ਲੜਨ ਦੀ ਬਜਾਇ ਆਪਣੇ ਘਰਾਂ ਨੂੰ ਪਰਤ ਜਾਣਾ ਚਾਹੀਦਾ ਹੈ।”

18. ਤਦ ਅਹਾਬ ਨੇ ਯਹੋਸ਼ਾਫ਼ਾਟ ਨੂੰ ਕਿਹਾ, “ਵੇਖ! ਮੈਂ ਤੈਨੂੰ ਕਿਹਾ ਸੀ ਨਾ! ਇਸ ਨਬੀ ਨੇ ਕਦੇ ਮੇਰੇ ਭਲੇ ਦੀ ਕੋਈ ਗੱਲ ਨਹੀਂ ਕੀਤੀ। ਇਹ ਹਮੇਸ਼ਾ ਉਹੀ ਗੱਲਾਂ ਦਸਦਾ ਹੈ ਜੋ ਮੈਨੂੰ ਅਸੁਖਾਵੀਆਂ ਹੋਣ।”

19. ਪਰ ਮੀਕਾਯਾਹ ਯਹੋਵਾਹ ਵਲੋਂ ਬੋਲਦਾ ਰਿਹਾ ਅਤੇ ਆਖਿਆ, “ਸੁਣੋ! ਇਹ ਵਾਕ ਹਨ ਜੋ ਯਹੋਵਾਹ ਨੇ ਕਹੇ। ਮੈਂ ਯਹੋਵਾਹ ਨੂੰ ਅਕਾਸ਼ ਵਿੱਚ ਆਪਣੇ ਸਿੰਘਾਸਣ ਤੇ ਬੈਠਿਆਂ ਅਤੇ ਉਸ ਦੇ ਦੂਤਾਂ ਨੂੰ ਉਸ ਦੇ ਨਜ਼ਦੀਕ ਖੜ੍ਹੇ ਵੇਖਿਆ ਹੈ।

20. ਯਹੋਵਾਹ ਨੇ ਆਖਿਆ, ‘ਕੌਣ ਅਹਾਬ ਨੂੰ ਭਰਮਾਏਗਾ? ਤਾਂ ਜੋ ਉਹ ਰਾਮੋਥ ਵਿਖੇ ਅਰਾਮ ਦੀ ਸੈਨਾ ਤੇ ਹਮਲਾ ਕਰੇ ਅਤੇ ਓੱਥੇ ਉਹ ਮਾਰਿਆਂ ਜਾਵੇਗਾ।’ ਤਾਂ ਦੂਤ ਨਿਰਣਾਂ ਨਾ ਕਰ ਸੱਕੇ ਕਿ ਉਹ ਕੀ ਕਰਨ।

21. ਤਦ ਇੱਕ ਦੂਤ ਨੇ ਯਹੋਵਾਹ ਕੋਲ ਜਾਕੇ ਆਖਿਆ, ‘ਮੈਂ ਉਸ ਨੂੰ ਭਰਮਾਵਾਂਗਾ!’

22. ਯਹੋਵਾਹ ਨੇ ਫ਼ੁਰਮਾਇਆ, ‘ਭਲਾ, ਤੂੰ ਅਹਾਬ ਨੂੰ ਕਿਵੇਂ ਭਰਮਾਏਂਗਾ?’ ਦੂਤ ਨੇ ਆਖਿਆ, ‘ਮੈਂ ਜਾਵਾਂਗਾ ਅਤੇ ਉਸ ਦੇ ਨਬੀਆਂ ਦੇ ਮੂੰਹਾਂ ਵਿੱਚ ਇੱਕ ਝੂਠ ਬੋਲਦਾ ਆਤਮਾ ਹੋਵਾਂਗਾ।’ ਤਾਂ ਯਹੋਵਾਹ ਨੇ ਫ਼ੁਰਮਾਇਆ, ‘ਚੰਗੀ ਗੱਲ ਹੈ, ਜਾ ਅਤੇ ਜਾਕੇ ਅਹਾਬ ਪਾਤਸ਼ਾਹ ਨੂੰ ਭਰਮਾ, ਤੂੰ ਉਸ ਨੂੰ ਭਰਮਾਉਣ ਵਿੱਚ ਕਾਮਯਾਬ ਹੋਵੇਂਗਾ।’”

23. ਮੀਕਾਯਾਹ ਨੇ ਆਪਣੀ ਕਹਾਣੀ ਖਤਮ ਕੀਤੀ। ਤਦ ਉਸ ਨੇ ਕਿਹਾ, “ਹੁਣ ਵੇਖੋ! ਯਹੋਵਾਹ ਨੇ ਤੁਹਾਡੇ ਇਨ੍ਹਾਂ ਸਭਨਾਂ ਨਬੀਆਂ ਦੇ ਮੂੰਹਾਂ ਵਿੱਚ ਇੱਕ ਝੂਠਾ ਵਾਕ ਪਾ ਦਿੱਤਾ ਹੈ, ਪਰ ਯਹੋਵਾਹ ਤੁਹਾਡੇ ਲਈ ਬੁਰਿਆਈ ਹੀ ਬੋਲਿਆ ਹੈ।”

24. ਤਦ ਸਿਦਕੀਯਾਹ ਨਬੀ ਮੀਕਾਯਾਹ ਨੂੰ ਮਿਲਿਆ। ਉਸ ਨੇ ਮੀਕਾਯਾਹ ਦੇ ਚਿਹਰੇ ਤੇ ਥਪੜ ਮਾਰਿਆ ਅਤੇ ਕਿਹਾ, “ਕੀ ਤੂੰ ਮੰਨਦਾ ਹੈਂ ਕਿ ਯਹੋਵਾਹ ਦੇ ਆਤਮੇ ਨੇ ਮੈਨੂੰ ਛੱਡ ਦਿੱਤਾ ਅਤੇ ਤੇਰੇ ਰਾਹੀਂ ਗੱਲ ਕਰ ਰਿਹਾ ਹੈ?”

25. ਮੀਕਾਯਾਹ ਨੇ ਆਖਿਆ, “ਹੁਣੇ ਜਦੋਂ ਬਿਪਤਾ ਆਵੇਗੀ, ਉਸ ਵਕਤ ਤੂੰ ਆਪਣਾ ਆਪ ਇੱਕ ਕੋਠੜੀ ਵਿੱਚ ਛੁਪਾਉਂਦਾ ਫ਼ਿਰੇਂਗਾ, ਤਾਂ ਤੂੰ ਜਾਣ ਜਾਵੇਂਗਾ ਕਿ ਜੋ ਮੈਂ ਕਿਹਾ ਉਹ ਸੱਚ ਸੀ।”

26. ਤਦ ਅਹਾਬ ਪਾਤਸ਼ਾਹ ਨੇ ਆਪਣੇ ਇੱਕ ਅਫ਼ਸਰ ਨੂੰ ਮੀਕਾਯਾਹ ਨੂੰ ਗਿਰਫ਼ਤਾਰ ਕਰਨ ਦਾ ਹੁਕਮ ਦਿੱਤਾ ਅਤੇ ਕਿਹਾ, “ਮੀਕਾਯਾਹ ਨੂੰ ਫ਼ੜਕੇ ਸ਼ਹਿਰ ਦੇ ਸਰਦਾਰ ਆਮੋਨ ਕੋਲ ਅਤੇ ਪਾਤਸ਼ਾਹ ਦੇ ਪੁੱਤਰ ਯੋਆਸ਼ ਕੋਲ ਮੋੜ ਲੈ ਜਾਹ।

27. ਅਤੇ ਕਹਿ ਕਿ ਪਾਤਸ਼ਾਹ ਇਹ ਫ਼ਰਮਾਉਂਦਾ ਹੈ ਕਿ ਮੇਰੇ ਸੁੱਖ-ਸਾਂਦ ਨਾਲ ਆਉਣ ਤੀਕ ਇਸ ਨੂੰ ਕੈਦ ਵਿੱਚ ਰੱਖੇ ਅਤੇ ਇਸ ਨੂੰ ਰੁੱਖ ਰੋਟੀ ਤੇ ਪਾਣੀ ਹੀ ਦੇਵੋ।”

28. ਮੀਕਾਯਾਹ ਉੱਚੀ ਆਵਾਜ਼ ’ਚ ਬੋਲਿਆ, “ਹੇ ਲੋਕੋ! ਤੁਸੀਂ ਸਾਰੇ ਜੋ ਮੈਂ ਆਖ ਰਿਹਾ ਹਾਂ ਸੁਣ ਲਵੋ! ਅਹਾਬ ਪਾਤਸ਼ਾਹ! ਜੇਕਰ ਤੂੰ ਉਸ ਜੰਗ ਵਿੱਚੋਂ ਜਿਉਂਦਾ ਮੁੜ ਆਇਆ ਤਾਂ ਸਮਝੀ ਯਹੋਵਾਹ ਦੀ ਆਤਮਾ ਮੇਰੇ ਮੂੰਹੋ ਨਹੀਂ ਸੀ ਬੋਲੀ ਤੇ ਮੈਂ ਝੂਠ ਆਖਿਆ ਸੀ।”

ਅਹਾਬ ਦੀ ਲੜਾਈ ਵਿੱਚ ਮੌਤ ਹੋ ਗਈ

29. ਰਾਮੋਥ ਗਿਲਆਦ ਚ ਲੜਾਈ ਤਦ ਅਹਾਬ ਪਾਤਸ਼ਾਹ ਅਤੇ ਯਹੋਸ਼ਾਫ਼ਾਟ ਰਾਮੋਥ ਵਿੱਚ ਅਰਾਮ ਦੀ ਸੈਨਾ ਦੇ ਖਿਲਾਫ਼ ਲੜਨ ਲਈ ਗਏ। ਇਹ ਥਾਂ ਗਿਲਆਦ ਦੇ ਇਲਾਕੇ ਵਿੱਚ ਸੀ।

30. ਅਹਾਬ ਨੇ ਯਹੋਸ਼ਾਫ਼ਾਟ ਨੂੰ ਕਿਹਾ, “ਮੈਂ ਆਪਣਾ ਭੇਸ ਵਟਾਅ ਕੇ ਲੜਾਈ ਵਿੱਚ ਜਾਵਾਂਗਾ, ਪਰ ਤੂੰ ਆਪਣੇ ਵਸਤਰ ਪਾਈ ਰੱਖ। ਸੋ ਇਸਰਾਏਲ ਦਾ ਪਾਤਸ਼ਾਹ ਭੇਸ ਵਟਾਅ ਕੇ ਲੜਾਈ ਵਿੱਚ ਗਿਆ।”

31. ਅਰਾਮ ਦੇ ਰਾਜਾ ਨੇ ਆਪਣੇ ਰੱਥਾਂ ਦੇ 32 ਸਰਦਾਰਾਂ ਨੂੰ ਹੁਕਮ ਦਿੱਤਾ ਕਿ ਇਸਰਾਏਲ ਦੇ ਪਾਤਸ਼ਾਹ ਤੋਂ ਛੁੱਟ ਹਰ ਕਿਸੇ ਛੋਟੇ-ਵੱਡੇ ਨਾਲ ਨਾ ਲੜਨਾ। ਸਿਰਫ਼ ਉਸ ਨੂੰ ਹੀ ਜਾਨੋ ਮਾਰ ਮੁਕਾਉਣਾ ਹੈ।

32. ਤਾਂ ਲੜਾਈ ਦੌਰਾਨ ਇਨ੍ਹਾਂ ਸਰਦਾਰਾਂ ਨੇ ਜਦੋਂ ਯਹੋਸ਼ਾਫ਼ਾਟ ਰਾਜੇ ਨੂੰ ਵੇਖਿਆ, ਤਾਂ ਉਨਹਾਂ ਸੋਚਿਆ ਕਿ ਇਹੀ ਇਸਰਾਏਲ ਦਾ ਪਾਤਸ਼ਾਹ ਹੈ, ਤਾਂ ਉਹ ਉਸ ਨੂੰ ਮਾਰਨ ਲਈ ਦੌੜੇ ਤਾਂ ਯਹੋਸ਼ਾਫ਼ਾਟ ਨੇ ਦੁਹਾਈ ਦਿੱਤੀ।

33. ਸਰਦਾਰਾਂ ਨੇ ਵੇਖਿਆ ਕਿ ਉਹ ਅਹਾਬ ਪਾਤਸ਼ਾਹ ਨਹੀਂ ਹੈ, ਤਾਂ ਉਨ੍ਹਾਂ ਉਸ ਨੂੰ ਨਾ ਮਾਰਿਆ।

34. ਪਰ ਸਿਪਾਹੀਆਂ ਵਿੱਚੋਂ ਇੱਕ ਨੇ ਬਿਨਾ ਕਿਸੇ ਤੇ ਨਿਸ਼ਾਨਾ ਲਾਇਆਂ ਹਵਾ ਵਿੱਚ ਤੀਰ ਛੱਡਿਆ, ਪਰ ਉਸਦਾ ਤੀਰ ਇਸਰਾਏਲ ਦੇ ਪਾਤਸ਼ਾਹ ਅਹਾਬ ਨੂੰ ਉਸ ਜਗ੍ਹਾ ਤੇ ਜਾ ਲੱਗਿਆ ਜਿੱਥੇ ਕਵਚ ਨੇ ਉਸ ਨੂੰ ਨਹੀਂ ਕਜਿਆ ਹੋਇਆ ਸੀ। ਤਾਂ ਅਹਾਬ ਨੇ ਆਪਣੇ ਸਾਰਥੀ ਨੂੰ ਕਿਹਾ, “ਮੈਨੂੰ ਤੀਰ ਲੱਗ ਗਿਆ ਹੈ। ਮੈਨੂੰ ਇਥੋਂ ਬਾਹਰ ਲੈ ਚੱਲ, ਸਾਨੂੰ ਇੱਥੋਂ ਦੂਰ ਚੱਲੇ ਜਾਣਾ ਚਾਹੀਦਾ ਹੈ।”

35. ਉਸ ਦਿਨ ਲੜਾਈ ਵੱਧ ਗਈ ਅਤੇ ਪਾਤਸ਼ਾਹ ਅਰਾਮੀਆਂ ਦੇ ਸਾਹਮਣੇ ਰੱਥ ਵਿੱਚ ਹੀ ਥੰਮਿਆ ਰਿਹਾ ਅਤੇ ਅਰਾਮ ਦੀ ਸੈਨਾ ਵੱਲ ਵੇਖਦਾ ਰਿਹਾ, ਉਸਦਾ ਲਹੂ ਵਗ-ਵਗ ਕੇ ਰੱਥ ਦਾ ਤੱਲਵਾਂ ਹਿੱਸਾ ਭਰ ਗਿਆ ਅਤੇ ਸ਼ਾਮ ਹੋਣ ਤੱਕ ਪਾਤਸ਼ਾਹ ਮਰ ਗਿਆ।

36. ਸ਼ਾਮ ਦੇ ਵੇਲੇ ਦਲ ਵਿੱਚ ਇਹ ਹੋਕਾ ਫ਼ਿਰ ਗਿਆ ਕਿ ਇਸਰਾਏਲ ਦਾ ਹਰ ਮਨੁੱਖ ਆਪੋ-ਆਪਣੇ ਸ਼ਹਿਰ ਅਤੇ ਦੇਸ ਨੂੰ ਤੁਰ ਜਾਵੇ।

37. ਇਉਂ ਅਹਾਬ ਪਾਤਸ਼ਾਹ ਦੀ ਮੌਤ ਹੋਈ ਤੇ ਕੁਝ ਲੋਕ ਉਸਦੀ ਲਾਸ਼ ਸਾਮਰਿਯਾ ਨੂੰ ਲੈ ਆਏ ਅਤੇ ਉਸ ਨੂੰ ਉੱਥੇ ਦਫ਼ਨਾਇਆ ਗਿਆ।

38. ਆਦਮੀਆਂ ਨੇ ਅਹਾਬ ਦੇ ਰੱਥ ਨੂੰ ਸਾਮਰਿਯਾ ’ਚ ਇੱਕ ਪਾਣੀ ਦੇ ਤਲਾਅ ’ਚ ਧੋਤਾ। ਜਿੱਥੇ ਵੇਸਵਾਵਾਂ ਆਕੇ ਨਹਾਉਂਦੀ ਹੁੰਦੀਆਂ ਸਨ ਅਤੇ ਉਸ ਰੱਥ ਵਿੱਚੋਂ ਕੁਤਿਆਂ ਨੇ ਆਕੇ ਉਸਦਾ ਲਹੂ ਚੱਟਿਆ। ਅਤੇ ਇਹ ਸਭ ਕੁਝ ਯਹੋਵਾਹ ਦੇ ਫ਼ੁਰਮਾਣ ਅਨੁਸਾਰ ਹੀ ਵਾਪਰਿਆ।

39. ਜਿੰਨੀ ਦੇਰ ਅਹਾਬ ਪਾਤਸ਼ਾਹ ਨੇ ਰਾਜ ਕੀਤਾ, ਉਸ ਦੇ ਇਹ ਕਾਰਨਾਮੇ ਇਸਰਾਏਲ ਦੇ ਰਾਜਿਆਂ ਦੇ ਇਤਹਾਸ ਦੀ ਪੋਥੀ ਵਿੱਚ ਲਿਖੇ ਹੋਏ ਹਨ। ਅਤੇ ਉਹ ਕਿਤਾਬ ਪਾਤਸ਼ਾਹ ਦੇ ਹਾਥੀ ਦੰਦ ਦੇ ਘਰ ਜੋ ਉਸ ਨੇ ਬਣਵਾਇਆ ਸੀ, ਅਤੇ ਉਹ ਸ਼ਹਿਰ ਜੋ ਉਸ ਨੇ ਉਸਾਰੇ ਸਨ ਸਭ ਕੁਝ ਬਾਰੇ ਦੱਸਦੀ ਹੈ।

40. ਅਹਾਬ ਆਪਣੀ ਮੌਤ ਤੋਂ ਬਾਅਦ ਆਪਣੇ ਪੁਰਖਿਆਂ ਨਾਲ ਹੀ ਦਫ਼ਨਾਇਆ ਗਿਆ।

ਯਹੋਸ਼ਾਫ਼ਾਟ ਯਹੂਦਾਹ ਵਿੱਚ ਰਾਜ ਕਰਦਾ ਹੈ

41. ਯਹੂਦਾਹ ਦਾ ਪਾਤਸ਼ਾਹ, ਯਹੋਸ਼ਾਫ਼ਾਟ ਇਸਰਾਏਲ ਦੇ ਪਾਤਸ਼ਾਹ ਅਹਾਬ ਦੇ ਚੌਥੇ ਸਾਲ ਵਿੱਚ, ਆਸਾ ਦਾ ਪੁੱਤਰ ਯਹੋਸ਼ਾਫ਼ਾਟ ਯਹੂਦਾਹ ਉੱਤੇ ਰਾਜ ਕਰਨ ਲੱਗਾ।

42. ਉਹ ਉਦੋਂ 35 ਵਰ੍ਹਿਆਂ ਦਾ ਸੀ ਜਦੋਂ ਉਹ ਪਾਤਸ਼ਾਹ ਬਣਿਆ। ਯਹੋਸ਼ਾਫ਼ਾਟ ਨੇ ਯਰੂਸ਼ਲਮ ਵਿੱਚ 25 ਵਰ੍ਹੇ ਰਾਜ ਕੀਤਾ। ਉਸਦੀ ਮਾਂ ਦਾ ਨਾਂ ਸੀ ਅਜ਼ੂਬਾਹ, ਜੋ ਕਿ ਸ਼ਿਲਹੀ ਦੀ ਧੀ ਸੀ।

43. ਯਹੋਸ਼ਾਫ਼ਾਟ ਨੇਕ ਇਨਸਾਨ ਸੀ। ਉਹ ਯਹੋਵਾਹ ਦੀ ਇੱਛਾ ਅਨੁਸਾਰ ਕੰਮ ਕਰਦਾ ਰਿਹਾ ਅਤੇ ਆਪਣੇ ਤੋਂ ਪਹਿਲਾਂ ਆਪਣੇ ਪਿਤਾ ਵਾਂਗ ਹੀ ਉਸ ਦੇ ਰਾਹ ਚੱਲਦਾ ਰਿਹਾ। ਪਰ ਯਹੋਸ਼ਾਫ਼ਾਟ ਨੇ ਉੱਚਿਆਂ ਥਾਵਾਂ ਨੂੰ ਨਸ਼ਟ ਨਾ ਕੀਤਾ। ਸਗੋਂ ਲੋਕ ਉਨ੍ਹਾਂ ਉੱਚਿਆਂ ਥਾਵਾਂ ਉੱਤੇ ਬਲੀਆਂ ਚੜ੍ਹਾਉਂਦੇ ਅਤੇ ਧੂਪ ਧੁਖਾਉਂਦੇ ਸਨ।

44. ਯਹੋਸ਼ਾਫ਼ਾਟ ਨੇ ਇਸਰਾਏਲ ਦੇ ਪਾਤਸ਼ਾਹ ਨਾਲ ਸ਼ਾਂਤੀ ਦਾ ਇਕਰਾਰਨਾਮਾ ਕੀਤਾ।

45. ਉਹ ਬੜਾ ਬਹਾਦਰ ਸੀ ਅਤੇ ਉਸ ਨੇ ਕਈ ਲੜਾਈਆਂ ਲੜੀਆਂ। ਉਸ ਦੇ ਕਾਰਨਾਮੇ ਯਹੂਦਾਹ ਦੇ ਰਾਜਿਆਂ ਦੇ ਇਤਹਾਸ ਦੀ ਪੋਥੀ ਵਿੱਚ ਲਿਖੇ ਮਿਲਦੇ ਹਨ।

46. ਯਹੋਸ਼ਾਫ਼ਾਟ ਨੇ ਉਨ੍ਹਾਂ ਸਾਰੇ ਆਦਮੀ ਔਰਤਾਂ ਨੂੰ ਜਿਹੜੇ ਆਪਣੇ ਸ਼ਰੀਰ ਦਾ ਸੰਭੋਗੀ ਸੌਦਾ ਕਰਦੇ ਹਨ ਨੂੰ ਦੇਸੋਂ ਬਾਹਰ ਕੱਢ ਦਿੱਤਾ। ਇਹ ਲੋਕ ਉਸ ਦੇ ਪਿਤਾ ਆਸਾ ਦੇ ਦਿਨਾਂ ਵਿੱਚ ਬਾਕੀ ਰਹਿ ਗਏ ਸਨ ਸੋ ਉਨ੍ਹਾਂ ਨੂੰ ਪਾਤਸ਼ਾਹ ਨੇ ਦੇਸੋਂ ਬਾਹਰ ਕੱਢ ਦਿੱਤਾ।

47. ਇਸ ਵਕਤ ਦੌਰਾਨ ਅਦੋਮ ਵਿੱਚ ਕੋਈ ਰਾਜਾ ਨਹੀਂ ਸੀ। ਉੱਥੇ ਇੱਕ ਗਵਰਨਰ ਰਾਜ ਕਰ ਰਿਹਾ ਸੀ ਜੋ ਕਿ ਯਹੂਦਾਹ ਦੇ ਪਾਤਸ਼ਾਹ ਵੱਲੋਂ ਚੁਣਿਆ ਗਿਆ ਸੀ।

48. ਯਹੋਸ਼ਾਫ਼ਾਟ ਦੀ ਨੌ ਸੈਨਾ ਯਹੋਸ਼ਾਫ਼ਾਟ ਨੇ ਕੁਝ ਤਰਸ਼ੀਸ਼ੀ ਜਹਾਜ਼ ਬਣਾਏ ਤਾਂ ਜੋ ਉਹ ਸੋਨੇ ਲਿਆਉਣ ਲਈ ਓਫੀਰ ਨੂੰ ਜਾਣ, ਪਰ ਉਹ ਕਦੇ ਵੀ ਨਾ ਜਾ ਪਏ ਕਿਉਂ ਕਿ ਉਹ ਜਹਾਜ਼ ਅਸਯੋਨ ਗ਼ਬਰ ਕੋਲ ਹੀ ਟੁੱਟ ਕੇ ਨਸ਼ਟ ਹੋ ਗਏ।

49. ਤਦ ਅਹਾਬ ਦੇ ਪੁੱਤਰ ਅਹਜ਼ਯਾਹ ਨੇ ਯਹੋਸ਼ਾਫ਼ਾਟ ਦੀ ਮਦਦ ਕਰਨ ਦੀ ਸਲਾਹ ਦਿੱਤੀ। ਉਸ ਨੇ ਕਿਹਾ ਕਿ ਮੈਂ ਆਪਣੇ ਕੁਝ ਜਹਾਜ਼ ਸੇਵਕਾਂ ਨੂੰ ਤੇਰੇ ਜਹਾਜ਼ ਚਾਲਕਾਂ ਨਾਲ ਭੇਜ ਦਿੰਦਾ ਹਾਂ ਪਰ ਯੋਹਸ਼ਾਫਾਟ ਨੇ ਅਹਜ਼ਯਾਹ ਦੇ ਆਦਮੀਆਂ ਦੀ ਮਦਦ ਨੂੰ ਰੱਦ ਕੀਤਾ।

50. ਯਹੋਸ਼ਾਫਾਟ ਦੀ ਮੌਤ ਤੋਂ ਬਾਅਦ ਉਸ ਨੂੰ ਉਸ ਦੇ ਪੁਰਖਿਆਂ ਕੋਲ ਦਫ਼ਨਾਇਆ ਗਿਆ। ਉਸ ਨੂੰ ਉਸ ਦੇ ਪਿਤਾ ਦਾਊਦ ਦੇ ਸ਼ਹਿਰ ਵਿੱਚ ਦਫ਼ਨਾਇਆ ਗਿਆ, ਫ਼ਿਰ ਉਸਦਾ ਪੁੱਤਰ ਯਹੋਰਾਮ ਉਸਦੀ ਥਾਵੇਂ ਰਾਜ ਕਰਨ ਲੱਗਾ।

ਅਹਜ਼ਯਾਹ ਇਸਰਾਏਲ ਵਿੱਚ ਰਾਜ ਕਰਦਾ ਹੈ

51. ਇਸਰਾਏਲ ਦਾ ਪਾਤਸ਼ਾਹ, ਅਹਜ਼ਯਾਹ ਅਹਾਬ ਦਾ ਪੁੱਤਰ ਅਹਜ਼ਯਾਹ ਯਹੂਦਾਹ ਦੇ ਪਾਤਸ਼ਾਹ ਯਹੋਸ਼ਾਫਾਟ ਦੇ 17 ਸਾਲ ਵਿੱਚ ਇਸਰਾਏਲ ਉੱਤੇ ਸਾਮਰਿਯਾ ਵਿੱਚ ਰਾਜ ਕਰਨ ਲੱਗਾ ਅਤੇ ਉਸ ਨੇ ਇਸਰਾਏਲ ਉੱਪਰ ਵੀ 2 ਸਾਲ ਰਾਜ ਕੀਤਾ।

52. ਅਹਜ਼ਯਾਹ ਨੇ ਯਹੋਵਾਹ ਦੇ ਖਿਲਾਫ਼ ਪਾਪ ਕੀਤੇ। ਉਸ ਨੇ ਵੀ ਆਪਣੇ ਪਿਤਾ ਅਹਾਬ ਅਤੇ ਆਪਣੀ ਮਾਂ ਦੇ ਰਾਹ ਵਿੱਚ ਨਬਾਟ ਦੇ ਪੁੱਤਰ ਯਾਰਾਬੁਆਮ ਦੇ ਰਾਹ ਵਿੱਚ, ਜਿਸ ਨੇ ਇਸਰਾਏਲ ਤੋਂ ਪਾਪ ਕਰਵਾਇਆ ਸੀ, ਵਾਂਗ ਹੀ ਕੀਤਾ।

53. ਉਸ ਨੇ ਵੀ ਆਪਣੇ ਪਿਤਾ ਵਾਂਗ ਬਆਲ ਦੀ ਉਪਾਸਨਾ ਕੀਤੀ ਅਤੇ ਉਸ ਅੱਗੇ ਮੱਥਾ ਟੇਕਿਆ ਅਤੇ ਇਉਂ ਇਸਰਾਏਲ ਦੇ ਪਰਮੇਸ਼ੁਰ ਯਹੋਵਾਹ ਨੂੰ ਖਿਝਾਇਆ। ਯਹੋਵਾਹ ਵੀ ਉਸਤੇ ਉਵੇਂ ਕ੍ਰੋਧਿਤ ਹੋਇਆ ਜਿਵੇਂ ਉਸ ਦੇ ਪਿਤਾ ਤੇ ਇਸ ਤੋਂ ਪਹਿਲਾਂ ਹੋਇਆ ਸੀ।

Bibles

Books

Chapters